ਜੇ ਤੁਹਾਨੂੰ ਓਵਰਡੋਜ਼ ਹੋਣ ਦਾ ਸ਼ੱਕ ਹੈ, ਤਾਂ ਤੁਰੰਤ 9-1-1 ‘ਤੇ ਕੌਲ ਕਰੋ।

ਓਵਰਡੋਜ਼ ਰੋਕਥਾਮ ਅਤੇ ਜਵਾਬੀ ਪ੍ਰਤਿਕਿਰਿਆ
ਬੀ.ਸੀ. ਵਿੱਚ ਗੈਰ-ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਪਹਿਲਾਂ ਨਾਲੋਂ ਵਧੇਰੇ ਜ਼ਹਿਰੀਲੀ ਹੋ ਗਈ ਹੈ ਅਤੇ ਇਸ ਨਾਲ ਜੁੜੇ ਖ਼ਤਰਿਆਂ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਸਿਰਫ਼ ਓਪੀਔਇਡਜ਼ ਹੀ ਨਹੀਂ, ਕਿਸੇ ਵੀ ਸਟ੍ਰੀਟ ਡਰੱਗ (ਗੈਰ-ਕਾਨੂੰਨੀ ਤਰੀਕੇ ਨਾਲ ਵੇਚੇ ਜਾਂ ਪ੍ਰਾਪਤ ਕੀਤੇ ਨਸ਼ੀਲੇ ਪਦਾਰਥ) ਵਿੱਚ ਜ਼ਹਿਰੀਲੇ ਤੱਤ ਹੋ ਸਕਦੇ ਹਨ। ਤੁਹਾਡੇ ਵੱਲੋਂ ਵਰਤੇ ਜਾ ਰਹੇ ਨਸ਼ੀਲੇ ਪਦਾਰਥ ਵਿੱਚ ਕੀ ਹੈ, ਇਹ ਜਾਣਨਾ ਔਖਾ ਹੋ ਸਕਦਾ ਹੈ – ਭਾਵੇਂ ਉਹ ਤੁਹਾਨੂੰ ਕਿਸੇ ਭਰੋਸੇਯੋਗ ਵਿਅਕਤੀ, ਜਿਵੇਂ ਕਿ ਦੋਸਤ ਜਾਂ ਰੂਮਮੇਟ, ਤੋਂ ਮਿਲਿਆ ਹੋਵੇ, ਜਾਂ ਉਹ ਅਸਲੀ ਜਾਂ ਪ੍ਰਿਸਕਰਾਈਬ ਕੀਤੀ ਦਵਾਈ ਵਰਗਾ ਦਿਸਦਾ ਹੋਵੇ। ਭਾਵੇਂ ਤੁਸੀਂ ਸਿਰਫ਼ ਥੋੜ੍ਹੀ ਮਾਤਰਾ ਹੀ ਵਰਤਦੇ ਹੋ ਜਾਂ ਪਹਿਲੀ ਵਾਰ ਵਰਤ ਰਹੇ ਹੋ, ਖ਼ਤਰਾ ਫਿਰ ਵੀ ਮੌਜੂਦ ਹੈ।
ਓਵਰਡੋਜ਼ ਤੋਂ ਬਚਾਅ, ਇਸ ਦੇ ਲੱਛਣਾਂ ਦੀ ਪਛਾਣ ਅਤੇ ਅਜਿਹੀ ਸਥਿਤੀ ਵਿੱਚ ਕੀ ਕਰਨਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ।
ਓਵਰਡੋਜ਼ ਦੇ ਲੱਛਣ ਪਛਾਣੋ
ਕੀ ਤੁਹਾਨੂੰ ਪਤਾ ਹੈ ਕਿ ਕਿਸੇ ਵਿਅਕਤੀ ਨੂੰ ਓਵਰਡੋਜ਼ ਹੋ ਰਹੀ ਹੈ, ਇਹ ਕਿਵੇਂ ਪਛਾਣਿਆ ਜਾ ਸਕਦਾ ਹੈ? ਇਨ੍ਹਾਂ ਸੰਕੇਤਾਂ ਅਤੇ ਲੱਛਣਾਂ ਵੱਲ ਧਿਆਨ ਦਿਓ:

ਹੌਲੀ ਸਾਹ ਲੈਣਾ ਜਾਂ ਸਾਹ ਨਾ ਆਉਣਾ
ਇਸਦਾ ਮਤਲਬ ਹੈ ਕਿ ਵਿਅਕਤੀ ਹਰ 5 ਸਕਿੰਟਾਂ ਵਿੱਚ ਇੱਕ ਤੋਂ ਘੱਟ ਵਾਰ ਸਾਹ ਲੈ ਰਿਹਾ ਹੈ

ਹਿੱਲ-ਜੁਲ ਨਾ ਕਰਨਾ / ਜਵਾਬ ਨਾ ਦੇਣਾ
ਵਿਅਕਤੀ ਹਿੱਲ ਨਹੀਂ ਰਿਹਾ ਅਤੇ ਉਸ ਨੂੰ ਜਗਾਉਣ ਦੀਆਂ ਕੋਸ਼ਿਸ਼ਾਂ ਵਿਅਰਥ ਜਾ ਰਹੀਆਂ ਹਨ

ਦਮ ਘੁੱਟਣ ਦੀਆਂ ਆਵਾਜ਼ਾਂ
ਵਿਅਕਤੀ ਘੁੱਟਣ, ਗੜਗੜਾਹਟ, ਹਾਫ਼ਣ ਜਾਂ ਭਾਰੀ ਘੁਰਾੜਿਆਂ ਵਰਗੀਆਂ ਅਸਧਾਰਨ ਆਵਾਜ਼ਾਂ ਕੱਢ ਰਿਹਾ ਹੈ

ਅੱਖਾਂ ਦੀਆਂ ਪੁਤਲੀਆਂ ਦਾ ਛੋਟਾ ਹੋ ਜਾਣਾ
ਵਿਅਕਤੀ ਦੀਆਂ ਅੱਖਾਂ ਦੀਆਂ ਪੁਤਲੀਆਂ ਬਹੁਤ ਛੋਟੀਆਂ ਦਿਖਾਈ ਦੇ ਰਹੀਆਂ ਹਨ

ਬੁੱਲ੍ਹ ਨੀਲੇ ਜਾਂ ਸਲੇਟੀ ਹੋ ਜਾਣਾ
ਵਿਅਕਤੀ ਦੇ ਬੁੱਲ੍ਹਾਂ ਜਾਂ ਉਂਗਲਾਂ ਦੇ ਨਹੁੰਆਂ ਦਾ ਰੰਗ ਨੀਲਾ, ਸਲੇਟੀ ਜਾਂ ਜਾਮਨੀ ਹੋ ਰਿਹਾ ਹੈ

ਸਰੀਰ ਠੰਡਾ ਅਤੇ ਚਿਪਚਿਪਾ ਹੋਣਾ
ਵਿਅਕਤੀ ਦੀ ਚਮੜੀ ਛੂਹਣ ‘ਤੇ ਠੰਡੀ ਅਤੇ ਚਿਪਚਿਪੀ ਲੱਗਦੀ ਹੈ

ਓਵਰਡੋਜ਼ ਹੋਣ ‘ਤੇ ਕੀ ਕਰਨਾ ਹੈ
ਜੇ ਤੁਹਾਨੂੰ ਜਾਂ ਤੁਹਾਡੇ ਸਾਹਮਣੇ ਕਿਸੇ ਨੂੰ ਓਵਰਡੋਜ਼ ਹੋ ਜਾਵੇ, ਤਾਂ ਤੁਰੰਤ 9-1-1 ‘ਤੇ ਕਾਲ ਕਰੋ। ਗੁੱਡ ਸਮੈਰਿਟਨ ਡਰੱਗ ਓਵਰਡੋਜ਼ ਐਕਟ ਓਵਰਡੋਜ਼ ਬਾਰੇ 9-1-1 ਨੂੰ ਕਾਲ ਕਰਨ ਵਾਲੇ ਲੋਕਾਂ ਨੂੰ ਸੁਰੱਖਿਆ ਦਿੰਦਾ ਹੈ। ਤੁਹਾਡੀ ਮਦਦ ਕਿਸੇ ਦੀ ਜਾਨ ਬਚਾ ਸਕਦੀ ਹੈ।
ਸਭ ਤੋਂ ਪਹਿਲਾਂ 9-1-1 ‘ਤੇ ਕਾਲ ਕਰੋ ਅਤੇ ਫਿਰ ਇਹ SAVE-ME ਕਦਮ ਚੁੱਕੋ:

Stimulate (ਜਗਾਉਣ ਦੀ ਕੋਸ਼ਿਸ਼ ਕਰੋ)
ਵਿਅਕਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰੋ। ਉਸ ਦਾ ਨਾਮ ਲੈ ਕੇ ਬੁਲਾਓ ਅਤੇ ਉਸ ਦੀਆਂ ਉਂਗਲਾਂ ਦੇ ਪੋਰਾਂ ਜਾਂ ਗਰਦਨ ਅਤੇ ਮੋਢੇ ਦੇ ਵਿਚਕਾਰ ਦੀਆਂ ਮਾਸਪੇਸ਼ੀਆਂ ਨੂੰ ਦਬਾਓ।

Airway check (ਸਾਹ ਲੈਣ ਦੇ ਰਸਤੇ ਦੀ ਜਾਂਚ ਕਰੋ)
ਇਹ ਦੇਖੋ ਕਿ ਕੀ ਵਿਅਕਤੀ ਆਮ ਤਰ੍ਹਾਂ ਸਾਹ ਲੈ ਰਿਹਾ ਹੈ ਅਤੇ ਉਸ ਦੀ ਨਬਜ਼ (ਦਿਲ ਦੀ ਧੜਕਣ) ਦੀ ਜਾਂਚ ਕਰੋ। ਉਸ ਦੇ ਮੂੰਹ ਵਿੱਚੋਂ ਕੋਈ ਵੀ ਚੀਜ਼ ਹਟਾਓ ਜੋ ਉਸ ਦੇ ਸਾਹ ਲੈਣ ਦੇ ਰਸਤੇ ਵਿੱਚ ਰੁਕਾਵਟ ਬਣ ਰਹੀ ਹੋਵੇ।

Ventilate (ਸਾਹ ਦੇਣ ਵਿੱਚ ਮਦਦ ਕਰੋ ਅਤੇ ਰੈਸਕਿਊ ਬ੍ਰੈਥਸ ਦਿਓ)
ਵਿਅਕਤੀ ਦੀ ਠੋਡੀ ਨੂੰ ਉੱਪਰ ਚੁੱਕੋ ਅਤੇ ਉਸ ਦਾ ਸਿਰ ਪਿੱਛੇ ਵੱਲ ਝੁਕਾਓ। ਉਸ ਦੀ ਨੱਕ ਨੂੰ ਬੰਦ ਕਰਕੇ ਹਰ ਪੰਜ ਸਕਿੰਟ ਬਾਅਦ ਉਸ ਦੇ ਮੂੰਹ ਵਿੱਚ ਇੱਕ ਸਾਹ ਦਿਓ ਤਾਂ ਜੋ ਉਸ ਨੂੰ ਸਾਹ ਲੈਣ ਵਿੱਚ ਮਦਦ ਮਿਲ ਸਕੇ। ਜੇ ਤੁਹਾਡੀ ਘਰ ਲੈ ਜਾਣ ਵਾਲੀ ਨਲੌਕਸੋਨ (Naloxone) ਕਿੱਟ ਵਿੱਚ ਸਾਹ ਦੇਣ ਲਈ ਮਾਸਕ ਹੈ, ਤਾਂ ਉਸ ਦੀ ਵਰਤੋਂ ਕਰੋ।

Evaluate (ਸਥਿਤੀ ਦੀ ਜਾਂਚ ਕਰੋ)
ਜਾਂਚ ਕਰੋ ਕਿ ਵਿਅਕਤੀ ਆਮ ਤਰੀਕੇ ਨਾਲ ਸਾਹ ਲੈ ਰਿਹਾ ਹੈ ਜਾਂ ਨਹੀਂ (ਹਰ 5 ਸਕਿੰਟਾਂ ਵਿੱਚ 1 ਸਾਹ)। ਜੇ ਨਹੀਂ, ਤਾਂ ਨਲੌਕਸੋਨ ਦੇਣ ਲਈ ਤਿਆਰ ਹੋ ਜਾਓ।

Medication (ਦਵਾਈ)
ਨਲੌਕਸੋਨ ਦੀ ਇੱਕ ਖੁਰਾਕ ਦਿਓ। ਤੁਹਾਡੇ ਕਿੱਟ ਵਿੱਚ ਨੱਕ ਰਾਹੀਂ ਦੇਣ ਵਾਲਾ ਸਪਰੇਅ ਜਾਂ ਟੀਕੇ ਰਾਹੀਂ ਦੇਣ ਵਾਲੀ ਤਰਲ ਦਵਾਈ ਹੋ ਸਕਦੀ ਹੈ। ਇਸ ਨੂੰ ਦੇਣ ਲਈ ਦਿੱਤੇ ਗਏ ਕਦਮਾਂ ਦੀ ਪਾਲਣਾ ਕਰੋ।

Evaluate and Support (ਸਥਿਤੀ ਦੀ ਜਾਂਚ ਕਰੋ ਅਤੇ ਸਹਾਇਤਾ ਕਰੋ)
ਦੁਬਾਰਾ ਸਾਹ ਦੀ ਜਾਂਚ ਕਰੋ। ਜੇ ਵਿਅਕਤੀ ਅਜੇ ਵੀ ਆਮ ਤਰੀਕੇ ਨਾਲ ਸਾਹ ਨਹੀਂ ਲੈ ਰਿਹਾ (ਹਰ 5 ਸਕਿੰਟਾਂ ਵਿੱਚ 1 ਸਾਹ), ਤਾਂ ਹਰ 3 ਮਿੰਟਾਂ ਬਾਅਦ ਨਲੌਕਸੋਨ ਦੀ ਇੱਕ ਹੋਰ ਖੁਰਾਕ ਦਿਓ, ਜਦੋਂ ਤੱਕ ਉਹ ਆਮ ਤਰੀਕੇ ਨਾਲ ਸਾਹ ਲੈਣਾ ਸ਼ੁਰੂ ਨਾ ਕਰ ਦੇਵੇ। ਯਾਦ ਰੱਖੋ ਕਿ ਨਲੌਕਸੋਨ ਦਾ ਅਸਰ ਸਿਰਫ਼ ਕੁਝ ਸਮੇਂ ਲਈ ਹੁੰਦਾ ਹੈ। ਜੇ ਨਲੌਕਸੋਨ ਦਾ ਅਸਰ ਖਤਮ ਹੋਣ ਤੋਂ ਬਾਅਦ ਵੀ ਨਸ਼ਾ ਵਿਅਕਤੀ ਦੇ ਸਰੀਰ ਵਿੱਚ ਮੌਜੂਦ ਹੈ, ਤਾਂ ਉਸ ਨੂੰ ਮੁੜ ਓਵਰਡੋਜ਼ ਹੋ ਸਕਦੀ ਹੈ ਅਤੇ ਨਲੌਕਸੋਨ ਦੀ ਇੱਕ ਹੋਰ ਖੁਰਾਕ ਦੀ ਲੋੜ ਪੈ ਸਕਦੀ ਹੈ।

ਬਾਅਦ ਦੀ ਦੇਖਭਾਲ
ਜੇ ਵਿਅਕਤੀ ਅਜੇ ਵੀ ਜਵਾਬ ਨਹੀਂ ਦੇ ਰਿਹਾ, ਤਾਂ ਉਸ ਨੂੰ ਇੱਕ ਪਾਸੇ ਲਿਟਾ ਦਿਓ। ਭਾਵੇਂ ਉਹ ਜਵਾਬ ਦੇ ਰਿਹਾ ਹੋਵੇ ਜਾਂ ਨਹੀਂ, ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੱਕ ਉਸ ਦੇ ਨਾਲ ਰਹੋ। ਨਲੌਕਸੋਨ ਦਾ ਅਸਰ 30 ਤੋਂ 120 ਮਿੰਟਾਂ ਬਾਅਦ ਖਤਮ ਹੋ ਸਕਦਾ ਹੈ ਅਤੇ ਓਵਰਡੋਜ਼ ਦੁਬਾਰਾ ਹੋ ਸਕਦੀ ਹੈ।
ਓਵਰਡੋਜ਼ ਦੇਖਣ ਵਾਲੇ ਲੋਕਾਂ ਅਤੇ ਮਦਦ ਕਰਨ ਵਾਲਿਆਂ ‘ਤੇ ਵੀ ਡੂੰਘਾ ਅਸਰ ਪੈ ਸਕਦਾ ਹੈ। ਜੇ ਤੁਸੀਂ ਕਿਸੇ ਓਵਰਡੋਜ਼ ਦੌਰਾਨ ਮਦਦ ਕੀਤੀ ਹੈ, ਤਾਂ ਜੇ ਤੁਹਾਨੂੰ ਲੋੜ ਮਹਿਸੂਸ ਹੋਵੇ, ਆਪਣੇ ਲਈ ਕੁਝ ਸਮਾਂ ਕੱਢੋ। ਬੀ.ਸੀ. ਵਿੱਚ ਭਾਵਨਾਤਮਕ ਸਹਾਇਤਾ ਲਈ 310-6789 ‘ਤੇ ਕਾਲ ਕਰ ਸਕਦੇ ਹੋ। ਜੇ ਤੁਸੀਂ ਵਿਦਿਆਰਥੀ ਹੋ, ਤਾਂ ਤੁਸੀਂ Here2Talk.ca ਰਾਹੀਂ ਵੀ ਸਹਾਇਤਾ ਲੈ ਸਕਦੇ ਹੋ।
ਵਧੇਰੇ ਸੁਰੱਖਿਅਤ ਰਹਿਣ ਦੇ ਤਰੀਕੇ
ਬੀ.ਸੀ. ਵਿੱਚ 19 ਤੋਂ 39 ਸਾਲ ਦੀ ਉਮਰ ਦੇ ਲੋਕਾਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਜ਼ਹਿਰੀਲੇ ਨਸ਼ੀਲੇ ਪਦਾਰਥ ਹਨ। ਕਿਸੇ ਵੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੀ ਵਰਤੋਂ ਵਿੱਚ ਖ਼ਤਰਾ ਹੁੰਦਾ ਹੈ ਅਤੇ ਇਹ ਕਦੇ ਵੀ 100% ਸੁਰੱਖਿਅਤ ਨਹੀਂ ਹੁੰਦੇ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਨਸ਼ੀਲੇ ਪਦਾਰਥ ਵਰਤਦਾ ਹੈ, ਤਾਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਵਧੇਰੇ ਸੁਰੱਖਿਅਤ ਰਹਿਣ ਦੇ ਤਰੀਕੇ ਜਾਣੋ।

ਆਪਣੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰੋ
ਜੇ ਤੁਸੀਂ ਨਸ਼ੀਲੇ ਪਦਾਰਥ ਵਰਤਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਸਰੋਤ ‘ਤੇ ਭਰੋਸਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਜਾਂਚ ਜ਼ਰੂਰ ਕਰਵਾਓ। ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਨਸ਼ਿਆਂ ਵਿੱਚ ਕੋਈ ਅਣਚਾਹੇ ਪਦਾਰਥ ਤਾਂ ਨਹੀਂ ਹਨ, ਜਿਸ ਵਿੱਚ ਫਾਰਮੇਸੀ ਤੋਂ ਬਾਹਰੋਂ ਮਿਲੀਆਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਨਸ਼ਿਆਂ ਦੀ ਜਾਂਚ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਅਸਲ ਵਿੱਚ ਉਨ੍ਹਾਂ ਵਿੱਚ ਕੀ ਮੌਜੂਦ ਹੈ ਅਤੇ ਇਹ ਤੁਹਾਨੂੰ ਸਿਹਤ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਕਰ ਸਕਦੀ ਹੈ।
ਆਪਣੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਵਾਉਣ ਲਈ ਕਿਸੇ ਡਰੱਗ ਚੈਕਿੰਗ ਸਾਈਟ ‘ਤੇ ਜਾਓ।

ਨਲੌਕਸੋਨ ਕਿੱਟ ਆਪਣੇ ਨਾਲ ਰੱਖੋ
ਨਲੌਕਸੋਨ ਕਿੱਟ ਆਪਣੇ ਨਾਲ ਰੱਖੋ ਅਤੇ ਜਾਣੋ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ। ਨਲੌਕਸੋਨ ਇੱਕ ਅਜਿਹੀ ਦਵਾਈ ਹੈ ਜੋ ਹੈਰੋਇਨ, ਆਕਸੀਕੋਡੋਨ, ਫੈਂਟਾਨਿਲ ਅਤੇ ਮੋਰਫਿਨ ਵਰਗੇ ਓਪੀਔਇਡ ਨਸ਼ਿਆਂ ਨਾਲ ਹੋਈ ਓਵਰਡੋਜ਼ ਨੂੰ ਉਲਟਾ ਸਕਦੀ ਹੈ। ਬੀ.ਸੀ. ਵਿੱਚ ਨਲੌਕਸੋਨ ਕਿੱਟ ਮੁਫ਼ਤ ਮਿਲਦੀਆਂ ਹਨ। ਇਹ ਕਿੱਟ ਸੂਬੇ ਭਰ ਵਿੱਚ ਕਮਿਊਨਿਟੀ ਫਾਰਮੇਸੀਆਂ ਸਮੇਤ ਕਈ ਥਾਵਾਂ ਤੋਂ ਬਿਨਾਂ ਪ੍ਰਿਸਕ੍ਰਿਪਸ਼ਨ ਦੇ ਅਤੇ ਬਿਨਾਂ ਕੋਈ ਸਵਾਲ ਪੁੱਛੇ ਲਈਆਂ ਜਾ ਸਕਦੀਆਂ ਹਨ।

NORS ਨੂੰ ਕਾਲ ਕਰੋ ਜਾਂ ਟੈਕਸਟ ਭੇਜੋ
ਨੈਸ਼ਨਲ ਓਵਰਡੋਜ਼ ਰਿਸਪਾਂਸ ਸਰਵਿਸ (NORS) ਇੱਕ ਦੇਖ-ਰੇਖ ਅਧੀਨ ਨਸ਼ੇ ਦੀ ਵਰਤੋਂ ਸਬੰਧੀ ਵਰਚੁਅਲ ਸੇਵਾ ਹੈ, ਜੋ ਕੈਨੇਡਾ ਵਿੱਚ ਹਰ ਕਿਸੇ ਲਈ ਉਪਲਬਧ ਹੈ। NORS ਗੁਪਤ ਅਤੇ ਬਿਨਾਂ ਪੱਖਪਾਤ ਦੇ ਸਹਾਇਤਾ ਮੁਹੱਈਆ ਕਰਦੀ ਹੈ। ਇਸ ਗੁਪਤ ਸੇਵਾ ਨਾਲ ਦਿਨ ਦੇ 24 ਘੰਟੇ, ਸਾਲ ਦੇ 365 ਦਿਨ ਸੰਪਰਕ ਕੀਤਾ ਜਾ ਸਕਦਾ ਹੈ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਮੇਂ ਵਰਚੁਅਲ ਸਹਾਇਤਾ ਲਈ 1-888-688-6677 ‘ਤੇ ਕਾਲ ਕਰੋ ਜਾਂ ਟੈਕਸਟ ਭੇਜੋ।
ਮਦਦ ਲਓ
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਨਸ਼ੇ ਦੀ ਲਤ ਸਬੰਧੀ ਸਹਾਇਤਾ ਦੀ ਲੋੜ ਹੈ, ਤਾਂ ਮਦਦ ਲੈਣ ਦੇ ਕਈ ਤਰੀਕੇ ਹਨ।
ਹਰ ਵਿਅਕਤੀ ਲਈ ਵੱਖਰੀ ਕਿਸਮ ਦੀ ਮਦਦ ਕੰਮ ਕਰ ਸਕਦੀ ਹੈ, ਅਤੇ ਰਿਕਵਰੀ ਵੱਲ ਹਰ ਕਿਸੇ ਦਾ ਸਫ਼ਰ ਵੱਖਰਾ ਹੁੰਦਾ ਹੈ। ਬੀ.ਸੀ. ਦੇ ਲੋਕਾਂ ਦੀਆਂ ਨਸ਼ੇ ਦੀ ਲਤ ਅਤੇ ਰਿਕਵਰੀ ਨਾਲ ਜੁੜੀਆਂ ਆਪਣੀਆਂ ਕਹਾਣੀਆਂ ਦੇਖੋ।
ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਨਾਲ ਜੁੜੀ ਸਹਾਇਤਾ
ਔਨਲਾਈਨ ਆਪਣੀ ਲੋੜ ਅਨੁਸਾਰ ਮਦਦ ਲੱਭਣਾ ਮੁਸ਼ਕਲ ਹੋ ਸਕਦਾ ਹੈ। ਹੋ ਸਕਦਾ ਹੈ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਕਿੱਥੋਂ ਸ਼ੁਰੂ ਕਰਨਾ ਹੈ। HelpStartsHere ਵੈੱਬਸਾਈਟ ਤੁਹਾਡੇ ਖੇਤਰ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਸਹਾਇਤਾ ਸੇਵਾਵਾਂ ਲੱਭਣ ਵਿੱਚ ਮਦਦ ਕਰ ਸਕਦੀ ਹੈ, ਜਿਸ ਵਿੱਚ ਇੰਡੀਜਨਸ ਲੋਕਾਂ ਲਈ ਉਪਲਬਧ ਸਹਾਇਤਾ ਵੀ ਸ਼ਾਮਲ ਹੈ।
ਇਲਾਜ ਅਤੇ ਰਿਕਵਰੀ
ਆਪਣੇ ਭਾਈਚਾਰੇ ਵਿੱਚ ਉਪਲਬਧ ਸਹਾਇਤਾ ਸੇਵਾਵਾਂ ਲੱਭੋ। ਇਸ ਵਿੱਚ ਦਾਖਲਾ ਸੇਵਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਿਤ ਸੇਵਾਵਾਂ, ਕਾਊਂਸਲਿੰਗ, ਮਾਨਸਿਕ ਸਿਹਤ ਸਹਾਇਤਾ, ਸੰਕਟ ਸਬੰਧੀ ਦਖ਼ਲਅੰਦਾਜ਼ੀ ਸੇਵਾਵਾਂ, ਸਹਾਇਤਾ ਫ਼ੋਨ ਲਾਈਨਾਂ ਜਾਂ ਪੀਅਰ ਟੂ ਪੀਅਰ ਸਹਾਇਤਾ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇੱਕੋ ਜਿਹੇ ਤਜਰਬੇ ਸਾਂਝੇ ਕਰਦੇ ਹਨ ਅਤੇ ਉਨ੍ਹਾਂ ਦੇ ਅਧਾਰ ‘ਤੇ ਮਦਦ ਪ੍ਰਾਪਤ ਕਰਦੇ ਹਨ) ਸ਼ਾਮਲ ਹੋ ਸਕਦੀ ਹੈ।
ਦੇਖ-ਰੇਖ ਅਧੀਨ ਨਸ਼ੇ ਦੀ ਵਰਤੋਂ ਵਾਲੀਆਂ ਥਾਵਾਂ
ਅਜਿਹੀਆਂ ਥਾਵਾਂ ਜਿੱਥੇ ਤੁਸੀਂ ਓਵਰਡੋਜ਼ ਦੇ ਖ਼ਤਰੇ ਨੂੰ ਘਟਾਉਣ ਲਈ ਨਿਗਰਾਨੀ ਹੇਠ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਥਾਵਾਂ ‘ਤੇ ਕੰਮ ਕਰਨ ਵਾਲਾ ਸਟਾਫ਼ ਬਿਨਾਂ ਕਿਸੇ ਪੱਖਪਾਤ ਦੇ ਸਹਾਇਤਾ ਮੁਹੱਈਆ ਕਰਨ ਲਈ ਸਿਖਲਾਈ ਪ੍ਰਾਪਤ ਹੁੰਦਾ ਹੈ ਅਤੇ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖਦਾ ਹੈ।
ਜੇ ਤੁਸੀਂ ਕਿਸੇ ਸਾਈਟ ਤੱਕ ਨਹੀਂ ਪਹੁੰਚ ਸਕਦੇ, ਤਾਂ NORS ਵਰਗੀ ਵਰਚੁਅਲ ਸੇਵਾ ਦੀ ਵਰਤੋਂ ਕਰੋ। ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਮੇਂ ਕਿਸੇ ਸਿਖਲਾਈ ਪ੍ਰਾਪਤ ਪੀਅਰ (ਸਾਥੀ) ਨਾਲ ਗੱਲ ਕਰਨ ਲਈ 1-888-688-6677 ‘ਤੇ ਕਾਲ ਕਰੋ ਜਾਂ ਟੈਕਸਟ ਭੇਜੋ। ਜੇ ਤੁਹਾਨੂੰ ਹੋਸ਼ ਨਾ ਰਹੇ ਜਾਂ ਤੁਸੀਂ ਜਵਾਬ ਨਾ ਦੇ ਸਕੋ, ਤਾਂ ਉਹ ਤੁਹਾਡੀ ਮਦਦ ਲਈ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰ ਸਕਦੇ ਹਨ।
ਫਾਊਂਡਰੀ
ਫਾਊਂਡਰੀ ਸੈਂਟਰਾਂ (Foundry Centres) ਵਿੱਚ 12 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਇੱਕ ਹੀ ਥਾਂ ‘ਤੇ ਮਾਨਸਿਕ ਸਿਹਤ ਸੇਵਾਵਾਂ, ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ, ਸਰੀਰਕ ਅਤੇ ਜਿਨਸੀ ਸਿਹਤ ਸੰਭਾਲ, ਨੌਜਵਾਨਾਂ ਅਤੇ ਪਰਿਵਾਰਾਂ ਲਈ ਪੀਅਰ ਸਹਾਇਤਾ, ਅਤੇ ਸਮਾਜਿਕ ਸੇਵਾਵਾਂ ਲੈ ਸਕਦੇ ਹਨ। ਇਹ ਸੇਵਾਵਾਂ ਬੀ.ਸੀ. ਭਰ ਵਿੱਚ ਉਪਲਬਧ ਹਨ।
Here2Talk.ca
ਇਹ ਸੇਵਾ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਨਾਲ ਜੋੜਦੀ ਹੈ। ਜੇ ਤੁਸੀਂ ਬੀ.ਸੀ. ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋ (ਭਾਵੇਂ ਤੁਸੀਂ ਕੈਨੇਡਾ ਤੋਂ ਹੋ ਜਾਂ ਕਿਸੇ ਹੋਰ ਦੇਸ਼ ਤੋਂ), ਤਾਂ ਤੁਸੀਂ ਮੁਫ਼ਤ ਅਤੇ ਨਿੱਜੀ ਕਾਊਂਸਲਿੰਗ ਅਤੇ ਕਮਿਊਨਿਟੀ ਸੇਵਾਵਾਂ ਲਈ ਰੈਫ਼ਰਲ ਲੈ ਸਕਦੇ ਹੋ। ਇਹ ਸੇਵਾਵਾਂ ਐਪ, ਫ਼ੋਨ ਜਾਂ ਵੈੱਬਸਾਈਟ ਰਾਹੀਂ 24 ਘੰਟੇ, ਹਫ਼ਤੇ ਦੇ 7 ਦਿਨ ਉਪਲਬਧ ਹਨ।
ਗੈਰ-ਐਮਰਜੈਂਸੀ ਸਹਾਇਤਾ ਲਈ 8-1-1 ‘ਤੇ ਕਾਲ ਕਰੋ
ਜੇ ਤੁਹਾਨੂੰ ਕਿਸੇ ਅਜਿਹੀ ਡਾਕਟਰੀ ਸਮੱਸਿਆ ਲਈ ਮਦਦ ਦੀ ਲੋੜ ਹੈ ਜੋ ਐਮਰਜੈਂਸੀ ਨਹੀਂ ਹੈ, ਤਾਂ 8-1-1 ‘ਤੇ ਕਾਲ ਕਰਕੇ ਇੱਕ ਹੈਲਥ ਸਰਵਿਸ ਨੈਵੀਗੇਟਰ ਨਾਲ ਗੱਲ ਕਰੋ। ਉਹ ਤੁਹਾਨੂੰ ਸਿਹਤ ਸੰਬੰਧੀ ਜਾਣਕਾਰੀ ਅਤੇ ਉਚਿਤ ਸੇਵਾਵਾਂ ਲੱਭਣ ਵਿੱਚ ਮਦਦ ਕਰਨਗੇ।
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਅਲਰਟ ਹਾਸਲ ਕਰਨ ਲਈ ਸਾਈਨ ਅੱਪ ਕਰੋ
ਜਦੋਂ ਗੈਰ-ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਖ਼ਤਰੇ ਵੱਖ-ਵੱਖ ਤਰ੍ਹਾਂ ਦੇ ਹੋਣ ਜਾਂ ਵੱਧ ਜਾਣ, ਤਾਂ ਟੈਕਸਟ ਮੈਸੇਜ ਰਾਹੀਂ ਗੁਪਤ ਅਲਰਟ ਪ੍ਰਾਪਤ ਕਰੋ। ਇਹ ਅਲਰਟ ਬੀ.ਸੀ. ਦੇ ਸਾਰੇ ਸਿਹਤ ਖੇਤਰਾਂ ਵਿੱਚ ਉਪਲਬਧ ਹਨ। ਸਾਈਨ ਅੱਪ ਕਰਨ ਲਈ 253787 (ALERTS) ‘ਤੇ JOIN ਲਿਖ ਕੇ ਟੈਕਸਟ ਮੈਸੇਜ ਭੇਜੋ। ਮੈਸੇਜ ਅਤੇ ਡਾਟਾ ਰੇਟ ਲਾਗੂ ਹੋ ਸਕਦੇ ਹਨ।