ਜੇ ਤੁਹਾਨੂੰ ਓਵਰਡੋਜ਼ ਹੋਣ ਦਾ ਸ਼ੱਕ ਹੈ, ਤਾਂ ਤੁਰੰਤ 9-1-1 ‘ਤੇ ਕੌਲ ਕਰੋ।
ਓਵਰਡੋਜ਼ ਰੋਕਥਾਮ ਅਤੇ ਜਵਾਬੀ ਪ੍ਰਤਿਕਿਰਿਆ
ਬੀ.ਸੀ. ਵਿੱਚ ਸਟ੍ਰੀਟ ਡਰੱਗ ਸਪਲਾਈ ਪਹਿਲਾਂ ਨਾਲੋਂ ਵਧੇਰੇ ਜ਼ਹਿਰੀਲੀ ਅਤੇ ਅਚਨਚੇਤ ਪ੍ਰਭਾਵ ਵਾਲੀ ਹੋ ਗਈ ਹੈ। ਸਿਰਫ਼ ਓਪੀਔਇਡਸ ਹੀ ਨਹੀਂ, ਕਿਸੇ ਵੀ ਸਟ੍ਰੀਟ ਡਰੱਗ ਵਿੱਚ ਜ਼ਹਿਰੀਲਾਪਣ ਹੋ ਸਕਦਾ ਹੈ। ਭਾਵੇਂ ਉਹ ਕਿਸੇ ਅਜਿਹੇ ਸਰੋਤ ਤੋਂ ਤੁਹਾਡੇ ਕੋਲ ਆਏ ਹੋਣ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ, ਜਿਵੇਂ ਕਿ ਕੋਈ ਦੋਸਤ ਜਾਂ ਰੂਮਮੇਟ। ਭਾਵੇਂ ਤੁਸੀਂ ਸਿਰਫ਼ ਥੋੜ੍ਹੀ ਜਿਹੀ ਡਰੱਗ ਲੈਂਦੇ ਹੋ, ਜਾਂ ਤੁਸੀਂ ਪਹਿਲੀ ਵਾਰ ਡਰੱਗ ਲੈ ਰਹੇ ਹੋ, ਇਸਦੇ ਜੋਖਮ ਗੰਭੀਰ ਅਤੇ ਅਸਲ ਹਨ। ਤੁਸੀਂ ਸਿਰਫ਼ ਅਜਿਹੀ ਗੋਲੀ (pill) ‘ਤੇ ਭਰੋਸਾ ਕਰ ਸਕਦੇ ਹੋ ਜੋ ਪ੍ਰਿਸਕਰਾਈਬ ਕੀਤੀ ਗਈ ਹੈ ਜਾਂ ਕਿਸੇ ਫਾਰਮੇਸਿਸਟ ਦੁਆਰਾ ਤੁਹਾਨੂੰ ਦਿੱਤੀ ਗਈ ਹੈ।
ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਓਵਰਡੋਜ਼ ਦੀ ਪਛਾਣ ਅਤੇ ਰੋਕਥਾਮ ਕਿਵੇਂ ਕਰਨੀ ਹੈ ਅਤੇ ਇਸ ਨਾਲ ਕਿਵੇਂ ਨਜਿੱਠਣਾ ਹੈ।
ਓਵਰਡੋਜ਼ ਦੇ ਲੱਛਣ ਪਛਾਣੋ
ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਦੱਸਣਾ ਹੈ ਕਿਸੇ ਨੂੰ ਓਵਰਡੋਜ਼ ਹੋ ਰਹੀ ਹੈ? ਇਨ੍ਹਾਂ ਸੰਕੇਤਾਂ ਅਤੇ ਲੱਛਣਾਂ ‘ਤੇ ਨਜ਼ਰ ਰੱਖੋ:
ਕੀ ਵਿਅਕਤੀ ਹਿੱਲ-ਜੁਲ ਨਹੀਂ ਰਿਹਾ/ਜਵਾਬ ਨਹੀਂ ਦੇ ਰਿਹਾ
ਵਿਅਕਤੀ ਹਿੱਲ ਨਹੀਂ ਰਿਹਾ ਅਤੇ ਉਸ ਨੂੰ ਜਗਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਜਾ ਰਹੀਆਂ ਹਨ
ਸਾਹ ਹੌਲੀ ਜਾਂ ਨਹੀਂ ਆ ਰਿਹਾ
ਇਸਦਾ ਮਤਲਬ ਹੈ ਕਿ ਵਿਅਕਤੀ ਹਰ 5 ਸਕਿੰਟਾਂ ਵਿੱਚ ਸਿਰਫ਼ ਇੱਕ ਵਾਰ ਜਾਂ ਉਸ ਤੋਂ ਵੀ ਘੱਟ ਸਾਹ ਲੈ ਰਿਹਾ ਹੈ
ਦਮ ਘੁੱਟਣ ਦੀਆਂ ਆਵਾਜ਼ਾਂ ਆ ਰਹੀਆਂ ਹਨ
ਵਿਅਕਤੀ ਅਸਧਾਰਨ ਆਵਾਜ਼ਾਂ ਕੱਢ ਰਿਹਾ ਹੈ, ਜਿਵੇਂ ਕਿ ਦਮ ਘੁਟਣਾ, ਗੁੜਗੁੜਾਉਣਾ, ਸਾਹ ਫੁੱਲਣਾ ਜਾਂ ਭਾਰੀ ਆਵਾਜ਼ ਵਿੱਚ ਘੁਰਾੜੇ
ਅੱਖ ਦੀ ਪੁਤਲੀ (pupil) ਦਾ ਸੁੰਗੜ ਕੇ ਛੋਟੇ ਹੋ ਜਾਣਾ
ਵਿਅਕਤੀ ਦੀਆਂ ਅੱਖਾਂ ਦੀਆਂ ਪੁਤਲੀਆਂ ਛੋਟੀਆਂ ਦਿਖਾਈ ਦੇ ਰਹੀਆਂ ਹਨ
ਬੁੱਲ ਨੀਲੇ ਜਾਂ ਸਲੇਟੀ ਹੋ ਜਾਣਾ
ਵਿਅਕਤੀ ਦੇ ਨਹੁੰ ਜਾਂ ਬੁੱਲ ਨੀਲੇ, ਸਲੇਟੀ ਜਾਂ ਜਾਮਨੀ ਹੋ ਜਾਣਾ
ਵਿਅਕਤੀ ਦਾ ਸਰੀਰ ਠੰਡਾ ਹੋਣਾ ਜਾਂ ਉਸ ਨੂੰ ਠੰਡੇ ਪਸੀਨੇ ਆਉਣਾ
ਵਿਅਕਤੀ ਦੀ ਚਮੜੀ ਛੂਹਣ ‘ਤੇ ਠੰਡੀ ਅਤੇ ਚਿਪਚਿਪੀ ਮਹਿਸੂਸ ਹੋ ਰਹੀ ਹੈ
ਓਵਰਡੋਜ਼ ਨਾਲ ਨਜਿੱਠਣਾ
ਜੇ ਕਿਸੇ ਨੂੰ ਓਵਰਡੋਜ਼ ਹੋ ਰਹੀ ਹੈ, ਤਾਂ ਤੁਰੰਤ 9-1-1 ‘ਤੇ ਕੌਲ ਕਰੋ। ਤੁਹਾਡੇ ਵੱਲੋਂ ਕੀਤੀ ਸਹੀ ਕਾਰਵਾਈ ਜਾਨ ਬਚਾ ਸਕਦੀ ਹੈ। ‘ਗੁੱਡ ਸਮੈਰਿਟਨ ਡਰੱਗ ਓਵਰਡੋਜ਼ ਐਕਟ’ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਰਦਾ ਹੈ ਜੋ ਓਵਰਡੋਜ਼ ਬਾਰੇ 9-1-1 ‘ਤੇ ਕੌਲ ਕਰਦੇ ਹਨ।
9-1-1 ‘ਤੇ ਕੌਲ ਕਰਨ ਤੋਂ ਬਾਅਦ, ਇਹਨਾਂ SAVE-ME ਕਦਮਾਂ ਦੀ ਪਾਲਣਾ ਕਰੋ:
ਹੋਸ਼ ਵਿੱਚ ਲਿਆਉਣਾ
ਵਿਅਕਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਨਾਮ ਨਾਲ ਪੁਕਾਰੋ ਅਤੇ ਉਨ੍ਹਾਂ ਦੀਆਂ ਉਂਗਲਾਂ ਜਾਂ ਉਨ੍ਹਾਂ ਦੀ ਗਰਦਨ ਅਤੇ ਮੋਢੇ ਦੇ ਵਿਚਕਾਰ ਦੀਆਂ ਮਾਸਪੇਸ਼ੀਆਂ ਨੂੰ ਦਬਾਓ। ਜੇ ਤੁਸੀਂ ਵਿਅਕਤੀ ਨੂੰ ਜਗਾਉਣ ਵਿੱਚ ਅਸਫ਼ਲ ਰਹਿੰਦੇ ਹੋ, ਜਾਂ ਜੇ ਤੁਹਾਨੂੰ ਪੱਕੇ ਤੌਰ ‘ਤੇ ਉਸ ਦੀ ਹਾਲਤ ਬਾਰੇ ਨਹੀਂ ਪਤਾ, ਤਾਂ ਤੁਰੰਤ 9-1-1 ‘ਤੇ ਕੌਲ ਕਰੋ।
ਸਾਹ ਲੈਣ ਦੇ ਰਸਤੇ ਦੀ ਜਾਂਚ ਕਰੋ
ਇਸ ਗੱਲ ਦੀ ਜਾਂਚ ਕਰੋ ਕਿ ਕੀ ਉਹ ਆਸਾਨੀ ਨਾਲ ਸਾਹ ਲੈ ਰਹੇ ਹਨ ਅਤੇ ਉਨ੍ਹਾਂ ਦੀ ਨਬਜ਼ (ਦਿਲ ਦੀ ਧੜਕਨ) ਦੀ ਜਾਂਚ ਕਰੋ। ਇਹ ਚੈੱਕ ਕਰੋ ਕਿ ਉਨ੍ਹਾਂ ਦਾ ਏਅਰਵੇਅ (ਨੱਕ ਜਾਂ ਮੂੰਹ ਰਾਹੀਂ ਫੇਫੜਿਆਂ ਤੱਕ ਸਾਹ ਲੈਣ ਦਾ ਰਸਤਾ) ਸਾਫ਼ ਹੈ ਅਤੇ ਜੇ ਉਨ੍ਹਾਂ ਦੇ ਮੂੰਹ ਵਿੱਚ ਕੁਝ ਹੈ ਤਾਂ ਉਸ ਨੂੰ ਕੱਢ ਦਿਓ। ਉਨ੍ਹਾਂ ਦੇ ਸਿਰ ਨੂੰ ਪਿੱਛੇ ਨੂੰ ਝੁਕਾਓ ਅਤੇ ਮੂੰਹ ਖੋਲ੍ਹ ਦਿਓ।
ਸਾਹ ਦੇਣ ਵਿੱਚ ਮਦਦ ਕਰੋ
ਹਰ ਪੰਜ ਸਕਿੰਟਾਂ ਵਿੱਚ ਵਿਅਕਤੀ ਦਾ ਨੱਕ ਆਪਣੀਆਂ ਉਂਗਲਾਂ ਨਾਲ ਬੰਦ ਕਰਕੇ, ਉਨ੍ਹਾਂ ਦੇ ਮੂੰਹ ਵਿੱਚ ਸਾਹ ਲੈ ਕੇ ਉਨ੍ਹਾਂ ਦੀ ਸਾਹ ਲੈਣ ਵਿੱਚ ਮਦਦ ਕਰੋ। ਜੇ ਤੁਹਾਡੇ ਕੋਲ ਸਾਹ ਲੈਣ ਵਾਲਾ ਮਾਸਕ ਹੈ ਤਾਂ ਤੁਸੀਂ ਉਸਦੀ ਵਰਤੋਂ ਕਰ ਸਕਦੇ ਹੋ।
ਮੁਲਾਂਕਣ ਕਰੋ
ਕੀ ਉਹ ਆਸਾਨੀ ਨਾਲ ਸਾਹ ਲੈ ਰਹੇ ਹਨ (ਹਰ 5 ਸਕਿੰਟਾਂ ਵਿੱਚ 1 ਸਾਹ)? ਜੇਕਰ ਨਹੀਂ, ਤਾਂ Naloxone ਦੀ ਵਰਤੋਂ ਕਰਨ ਲਈ ਤਿਆਰ ਹੋ ਜਾਓ।
ਦਵਾਈ
Naloxone ਦੀ 1 mL (ਇੱਕ ਮਿਲੀਲੀਟਰ) ਖੁਰਾਕ ਤਿਆਰ ਕਰੋ। ਤੁਹਾਡੀ ਕਿੱਟ ਵਿੱਚ ਇੱਕ ਨੱਕ ਦਾ ਸਪ੍ਰੇਅ ਜਾਂ ਟੀਕੇ ਰਾਹੀਂ ਲਗਾਉਣ ਵਾਲਾ ਤਰਲ (liquid) ਸ਼ਾਮਲ ਹੋ ਸਕਦਾ ਹੈ – ਇਸ ਨੂੰ ਕਿਵੇਂ ਦੇਣਾ ਹੈ, ਉਸ ਦੇ ਲਈ ਦਿੱਤੇ ਕਦਮਾਂ ਦੀ ਪਾਲਣਾ ਕਰੋ।
ਦੁਬਾਰਾ ਮੁਲਾਂਕਣ ਕਰੋ
ਜੇ ਉਹ ਅਜੇ ਵੀ ਆਸਾਨੀ ਨਾਲ ਸਾਹ ਨਹੀਂ ਲੈ ਰਹੇ ਹਨ (ਹਰ 5 ਸਕਿੰਟਾਂ ਵਿੱਚ 1 ਸਾਹ), ਤਾਂ ਇੱਕ ਹੋਰ ਖੁਰਾਕ ਦਿਓ। ਯਾਦ ਰੱਖੋ ਕਿ Naloxone ਸਿਰਫ਼ ਕੁਝ ਸਮੇਂ ਲਈ ਕੰਮ ਕਰਦੀ ਹੈ। ਜੇ ਵਿਅਕਤੀ ਦੇ ਸਿਸਟਮ ਵਿੱਚ ਨਸ਼ੀਲੇ ਪਦਾਰਥ ਉਦੋਂ ਤੱਕ ਵੀ ਮੌਜੂਦ ਹਨ ਜਦੋਂ Naloxone ਦਾ ਅਸਰ ਖਤਮ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਦੁਬਾਰਾ ਓਵਰਡੋਜ਼ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ Naloxone ਦੀ ਇੱਕ ਹੋਰ ਖੁਰਾਕ ਦੀ ਲੋੜ ਪੈ ਸਕਦੀ ਹੈ।
ਬਾਅਦ ਦੀ ਸੰਭਾਲ
ਵਿਅਕਤੀ ਨੂੰ ਪਾਸਾ ਦੇ ਕੇ ਲਿਟਾਓ ਅਤੇ ਐਮਰਜੈਂਸੀ ਸੇਵਾਵਾਂ ਦੇ ਉੱਥੇ ਪਹੁੰਚਣ ਤੱਕ ਉਨ੍ਹਾਂ ਦੇ ਨਾਲ ਰਹੋ। Naloxone ਦਾ ਅਸਰ 30 ਤੋਂ 120 ਮਿੰਟਾਂ ਦੇ ਵਿਚਕਾਰ ਖਤਮ ਹੋ ਜਾਂਦਾ ਹੈ ਅਤੇ ਓਵਰਡੋਜ਼ ਦੁਬਾਰਾ ਹੋ ਸਕਦੀ ਹੈ।
ਵਧੇਰੇ ਸੁਰੱਖਿਅਤ ਰਹਿਣ ਦੇ ਤਰੀਕੇ
ਜ਼ਹਿਰੀਲੇ ਨਸ਼ੀਲੇ ਪਦਾਰਥ ਬੀ.ਸੀ. ਵਿੱਚ 19 ਤੋਂ 39 ਸਾਲ ਦੀ ਉਮਰ ਦੇ ਲੋਕਾਂ ਲਈ ਮੌਤ ਦਾ ਪ੍ਰਮੁੱਖ ਕਾਰਨ ਹਨ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਹੈ, ਤਾਂ ਸੁਰੱਖਿਅਤ ਰਹਿਣ ਦੇ ਤਰੀਕਿਆਂ ਤੋਂ ਜਾਣੂ ਰਹਿਣਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੋ ਗਿਆ ਹੈ।
ਆਪਣੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰੋ
ਭਾਵੇਂ ਤੁਸੀਂ ਆਪਣੇ ਸਰੋਤ ‘ਤੇ ਭਰੋਸਾ ਕਰਦੇ ਹੋ, ਜੇ ਤੁਹਾਡਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦਾ ਇਰਾਦਾ ਹੈ, ਤਾਂ ਉਨ੍ਹਾਂ ਦੀ ਜਾਂਚ ਕਰਵਾਓ। ਨਸ਼ੀਲੇ ਪਦਾਰਥਾਂ ਦੀ ਜਾਂਚ ਇਸ ਬਾਰੇ ਜੀਵਨ-ਰੱਖਿਅਕ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ ਕਿ ਤੁਹਾਡੇ ਨਸ਼ੀਲੇ ਪਦਾਰਥਾਂ ਵਿੱਚ ਅਸਲ ਵਿੱਚ ਕੀ ਹੈ ਅਤੇ ਤੁਹਾਨੂੰ ਸਿਹਤ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਕਰ ਸਕਦੀ ਹੈ।
ਆਪਣੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਵਾਉਣ ਲਈ ਕਿਸੇ ਡਰੱਗ ਚੈੱਕਿੰਗ ਸਾਈਟ ‘ਤੇ ਜਾਓ।.
Naloxone ਕਿੱਟ ਆਪਣੇ ਨਾਲ ਰੱਖੋ
Naloxone ਨੂੰ ਆਪਣੇ ਨਾਲ ਰੱਖੋ ਅਤੇ ਜਾਣੋ ਕਿ ਇਸਦੀ ਵਰਤੋਂ ਕਿਵੇਂ ਕਰਨੀ ਹੈ. Naloxone ਇੱਕ ਅਜਿਹੀ ਦਵਾਈ ਹੈ ਜੋ ਹੈਰੋਇਨ, ਮੈਥਾਡੋਨ, ਫੈਂਟਾਨਿਲ ਅਤੇ ਮੌਰਫ਼ੀਨ ਵਰਗੇ ਨਸ਼ਿਆਂ ਤੋਂ ਹੋਣ ਵਾਲੇ ਓਪੀਔਇਡ ਓਵਰਡੋਜ਼ ਦੀ ਪ੍ਰਕਿਰਿਆ ਨੂੰ ਉਲਟ ਸਕਦੀ ਹੈ। Naloxone ਕਿੱਟਾਂ ਬੀ.ਸੀ. ਵਿੱਚ ਮੁਫ਼ਤ ਉਪਲਬਧ ਹਨ। ਉਨ੍ਹਾਂ ਨੂੰ ਕਮਿਊਨਿਟੀ ਫਾਰਮੇਸੀਆਂ ਸਮੇਤ ਸੂਬੇ ਭਰ ਵਿੱਚ 2,320 ਥਾਂਵਾਂ ਵਿੱਚੋਂ ਕਿਸੇ ਇੱਕ ‘ਤੇ ਬਿਨਾਂ ਪ੍ਰਿਸਕ੍ਰਿਪਸ਼ਨ ਦੇ ਲਿਆ ਜਾ ਸਕਦਾ ਹੈ।
ਐਪ ਡਾਊਨਲੋਡ ਕਰੋ
ਜੇ ਤੁਸੀਂ ਓਵਰਡੋਜ਼ ਕਾਰਨ ਬੇਹੋਸ਼ ਹੋ ਜਾਂਦੇ ਹੋ ਤਾਂ ਲਾਈਫ਼ਗਾਰਡ (Lifeguard) ਐਪ ਤੁਹਾਨੂੰ ਐਮਰਜੈਂਸੀ ਰਿਸਪੌਂਡਰਜ਼ ਨਾਲ ਜੋੜਦੀ ਹੈ।
ਐਪਲ ਐਪ ਸਟੋਰ ਅਤੇ ਗੂਗਲ਼ ਪਲੇਅ ਸਟੋਰ ਰਾਹੀਂ ਮੁਫ਼ਤ ਵਿੱਚ ਡਾਊਨਲੋਡ ਕਰੋ।
ਮਦਦ ਲਓ
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਲਤ ਨਾਲ ਸੰਬੰਧਤ ਸਹਾਇਤਾ ਦੀ ਲੋੜ ਹੈ, ਤਾਂ ਮਦਦ ਪ੍ਰਾਪਤ ਕਰਨ ਦੇ ਤਰੀਕੇ ਉਪਲਬਧ ਹਨ।
ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ
ਤੁਹਾਡੇ ਲਈ ਔਨਲਾਈਨ ਲੋੜੀਂਦੀ ਮਦਦ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਸ਼ੁਰੂਆਤ ਕਿਥੋਂ ਕਰਨੀ ਹੈ। HelpStartsHere ਵੈਬਸਾਈਟ ਤੁਹਾਨੂੰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਤੁਹਾਡੇ ਖੇਤਰ ਵਿੱਚ ਹੀ ਲੱਭਣ ਵਿੱਚ ਮਦਦ ਕਰ ਸਕਦੀ ਹੈ।
ਇਲਾਜ ਅਤੇ ਰਿਕਵਰੀ
ਆਪਣੇ ਭਾਈਚਾਰੇ ਵਿੱਚ ਮਦਦ ਲਈ ਵਸੀਲੇ ਲੱਭੋ। ਇਸ ਵਿੱਚ ਸੇਵਨ (intake), ਨਸ਼ੀਲੇ ਪਦਾਰਥਾਂ/ਨਸ਼ਿਆਂ ਦੀ ਵਰਤੋਂ ਸੰਬੰਧੀ ਸੇਵਾਵਾਂ, ਕਾਊਂਸਲਿੰਗ, ਮਾਨਸਿਕ ਸਿਹਤ ਸਹਾਇਤਾ, ਸੰਕਟ ਸੰਬੰਧੀ ਦਖਲਅੰਦਾਜ਼ੀ (crisis intervention), ਟਾਕਲਾਈਨਾਂ, ਜਾਂ ਪੀਅਰ-ਟੂ-ਪੀਅਰ ਸੁਪੋਰਟ ਸ਼ਾਮਲ ਹਨ।
ਦੇਖ-ਰੇਖ ਹੇਠ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੀਆਂ ਸਾਈਟਾਂ
ਉਹ ਸਾਈਟਾਂ ਜਿੱਥੇ ਤੁਸੀਂ ਨਸ਼ੀਲੇ ਪਦਾਰਥਾਂ ਦੀ ਸੁਰੱਖਿਅਤ ਢੰਗ ਨਾਲ ਵਰਤੋਂ ਕਰ ਸਕਦੇ ਹੋ, ਓਵਰਡੋਜ਼ ਦੀ ਰੋਕਥਾਮ ਕਰ ਸਕਦੇ ਹੋ ਅਤੇ ਸਿਹਤ ਸੇਵਾਵਾਂ ਤੱਕ ਮੁਫ਼ਤ ਵਿੱਚ ਪਹੁੰਚ ਕਰ ਸਕਦੇ ਹੋ। ਇਨ੍ਹਾਂ ਸਾਈਟਾਂ ਦੇ ਸਟਾਫ਼ ਨੂੰ ਤੁਹਾਡੇ ਬਾਰੇ ਕੋਈ ਨਿੱਜੀ ਰਾਏ ਬਣਾਏ ਬਿਨਾਂ ਸਹਾਇਤਾ ਦੀ ਪੇਸ਼ਕਸ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖਣਗੇ।
ਫਾਊਂਡਰੀ
ਫਾਊਂਡਰੀ ਸੈਂਟਰਾਂ ਵਿਖੇ, 12-24 ਸਾਲ ਦੀ ਉਮਰ ਦੇ ਨੌਜਵਾਨ ਇੱਕ ਸੁਵਿਧਾਜਨਕ ਥਾਂ ‘ਤੇ ਪੰਜ ਮੁੱਖ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ। ਇਹ ਸੇਵਾਵਾਂ ਹਨ: ਮਾਨਸਿਕ ਸਿਹਤ ਸੰਭਾਲ, ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ, ਸਰੀਰਕ ਅਤੇ ਜਿਨਸੀ ਸਿਹਤ ਸੰਭਾਲ, ਨੌਜਵਾਨ ਅਤੇ ਪਰਿਵਾਰਕ ਪੀਅਰ ਸੁਪੋਰਟ (ਸਾਥੀ ਸਹਾਇਤਾ), ਅਤੇ ਸਮਾਜਿਕ ਸੇਵਾਵਾਂ।
Here2Talk.ca
ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਨਾਲ ਜੋੜਦੀ ਹੈ। ਜੇ ਤੁਸੀਂ ਕਿਸੇ ਬੀ.ਸੀ. ਦੇ ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋ (ਭਾਵੇਂ ਤੁਸੀਂ ਕੈਨੇਡਾ ਤੋਂ ਹੋ ਜਾਂ ਕਿਸੇ ਹੋਰ ਦੇਸ਼ ਤੋਂ), ਤਾਂ ਤੁਸੀਂ ਮੁਫ਼ਤ, ਨਿੱਜੀ ਸਲਾਹ ਅਤੇ ਕਮਿਊਨਿਟੀ ਰਿਫ਼ਰਲ ਪ੍ਰਾਪਤ ਕਰ ਸਕਦੇ ਹੋ। ਇਹ ਸੇਵਾਵਾਂ ਕਿਸੇ ਐਪ, ਫ਼ੋਨ, ਜਾਂ ਵੈਬਸਾਈਟ ਰਾਹੀਂ 24/7 ਉਪਲਬਧ ਹਨ।
ਗੈਰ-ਐਮਰਜੈਂਸੀ ਸਹਾਇਤਾ ਲਈ 8-1-1 ‘ਤੇ ਕੌਲ ਕਰੋ
ਮੈਡੀਕਲ ਗੈਰ-ਐਮਰਜੈਂਸੀ ਪਰਿਸਥਿਤੀਆਂ ਵਿੱਚ, ਕਿਸੇ ਹੈਲਥ ਸਰਵਿਸ ਨੈਵੀਗੇਟਰ ਨਾਲ ਗੱਲ ਕਰਨ ਲਈ 8-1-1 ‘ਤੇ ਕੌਲ ਕਰੋ, ਜੋ ਸਿਹਤ ਸੰਬੰਧੀ ਜਾਣਕਾਰੀ ਅਤੇ ਸੇਵਾਵਾਂ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਅਤੇ ਸਿਹਤ ਚਿਤਾਵਨੀਆਂ ਲਈ ਸਾਈਨ-ਅੱਪ ਕਰੋ
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਅਤੇ ਸਿਹਤ ਚਿਤਾਵਨੀਆਂ ਇਸ ਸਮੇਂ ਇੰਟੀਰੀਅਰ, ਫਰੇਜ਼ਰ, ਨੌਰਦਰਨ, ਵੈਨਕੂਵਰ ਆਇਲੈਂਡ, ਅਤੇ ਵੈਨਕੂਵਰ ਕੋਸਟਲ ਹੈਲਥ ਖੇਤਰਾਂ ਵਿੱਚ ਉਪਲਬਧ ਹਨ। ਸਾਈਨ-ਅੱਪ ਕਰਨ ਲਈ, JOIN ਸ਼ਬਦ ਨੂੰ 253787 (ALERTS) ‘ਤੇ ਟੈਕਸਟ ਕਰੋ। ਮੈਸੇਜ ਅਤੇ ਡੇਟਾ ਰੇਟ ਲਾਗੂ ਹੋ ਸਕਦੇ ਹਨ।